'ਕੁਝ ਹਫ਼ਤਿਆਂ ਵਿੱਚ ਮੇਰਾ ਇੱਕ ਹਿੰਸਕ ਸੀਰੀਅਲ ਰੇਪਿਸਟ ਨਾਲ ਵਿਆਹ ਹੋਣਾ ਸੀ, ਪਰ ਮੇਰੇ ਦੋਸਤਾਂ ਨੇ ਮੇਰੀ ਜ਼ਿੰਦਗੀ ਬਚਾ ਲਈ'

ਕ੍ਰਿਸਟੋਫਰ ਮੈਲਕਮ (ਸੱਜੇ) ਨੇ ਆਪਣੀ ਸਾਬਕਾ ਮੰਗੇਤਰ ਦਾ ਸਰੀਰਕ ਅਤੇ ਮਾਨਸਿਕ ਤੌਰ 'ਤੇ ਸ਼ੋਸ਼ਣ ਕੀਤਾ ਸੀ। ਮਹਿਲਾ ਨੇ ਆਪਣੀ ਪਛਾਣ ਗੁਪਤ ਰੱਖਦਿਆਂ ਆਪਣੀ ਕਹਾਣੀ ਬੀਬੀਸੀ ਨੂੰ ਦੱਸੀ ਹੈ
ਤਸਵੀਰ ਕੈਪਸ਼ਨ, ਕ੍ਰਿਸਟੋਫਰ ਮੈਲਕਮ (ਸੱਜੇ) ਨੇ ਆਪਣੀ ਸਾਬਕਾ ਮੰਗੇਤਰ ਦਾ ਸਰੀਰਕ ਅਤੇ ਮਾਨਸਿਕ ਤੌਰ 'ਤੇ ਸ਼ੋਸ਼ਣ ਕੀਤਾ ਸੀ। ਮਹਿਲਾ ਨੇ ਆਪਣੀ ਪਛਾਣ ਗੁਪਤ ਰੱਖਦਿਆਂ ਆਪਣੀ ਕਹਾਣੀ ਬੀਬੀਸੀ ਨੂੰ ਦੱਸੀ ਹੈ
    • ਲੇਖਕ, ਮੈਰੀ ਮੈਕਕੂਲ
    • ਰੋਲ, ਬੀਬੀਸੀ ਸਕਾਟਲੈਂਡ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 11 ਮਿੰਟ

ਚੇਤਾਵਨੀ : ਇਸ ਲੇਖ ਵਿੱਚ ਹਿੰਸਾ ਦੇ ਵੇਰਵੇ ਅਤੇ ਦ੍ਰਿਸ਼ ਸ਼ਾਮਿਲ ਹਨ, ਜੋ ਕੁਝ ਪਾਠਕਾਂ ਨੂੰ ਪਰੇਸ਼ਾਨ ਕਰ ਸਕਦੇ ਹਨ।

ਐਮੀ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਨੇ ਦਖ਼ਲ ਨਾ ਦਿੱਤਾ ਹੁੰਦਾ, ਤਾਂ ਉਹ ਉਸ ਆਦਮੀ ਨਾਲ ਵਿਆਹ ਕਰ ਲੈਂਦੀ, ਜਿਸ ਨੇ ਉਨ੍ਹਾਂ ਦੇ ਰਿਸ਼ਤੇ ਦੌਰਾਨ ਉਨ੍ਹਾਂ ਦਾ ਸਰੀਰਕ ਅਤੇ ਮਾਨਸਿਕ ਤੌਰ 'ਤੇ ਸ਼ੋਸ਼ਣ ਕੀਤਾ ਸੀ।

ਉਨ੍ਹਾਂ ਨੂੰ ਡਰ ਹੈ ਕਿ ਜੇਕਰ ਵਿਆਹ ਹੋ ਜਾਂਦਾ, ਤਾਂ ਅਖੀਰ 'ਚ ਉਹ ਆਦਮੀ ਉਨ੍ਹਾਂ ਦੀ ਜਾਨ ਹੀ ਲੈ ਲੈਂਦਾ।

ਕ੍ਰਿਸਟੋਫਰ ਮੈਲਕਮ, ਇੱਕ ਸੀਰੀਅਲ ਰੇਪਿਸਟ (ਲਗਾਤਾਰ ਬਲਾਤਕਾਰ ਕਰਨ ਵਾਲਾ ਅਪਰਾਧੀ), ਜਿਸ ਨੂੰ ਹਾਲ ਹੀ ਵਿੱਚ ਆਪਣੇ ਜੁਰਮਾਂ ਲਈ ਜੇਲ੍ਹ ਭੇਜਿਆ ਗਿਆ ਸੀ, ਨੇ ਆਪਣੀ ਸਾਬਕਾ ਮੰਗੇਤਰ ਨੂੰ ਅਜਿਹੀਆਂ ਸੱਟਾਂ ਪਹੁੰਚਾਈਆਂ, ਜਿਨ੍ਹਾਂ ਨੇ ਉਨ੍ਹਾਂ ਦੀ ਜ਼ਿੰਦਗੀ ਬਦਲ ਦਿੱਤੀ।

ਇੱਕ ਵਾਰ ਉਨ੍ਹਾਂ ਨੇ ਦੱਸਿਆ ਕਿ ਫਾਦਰਜ਼ ਡੇਅ 'ਤੇ ਜਦੋਂ ਉਹ ਆਪਣੇ ਬਹੁਤ ਜ਼ਿਆਦਾ ਬਿਮਾਰ ਪਿਤਾ ਨੂੰ ਮਿਲਣ ਜਾ ਰਹੇ ਸਨ ਤਾਂ ਉਸ ਤੋਂ ਠੀਕ ਪਹਿਲਾਂ ਉਸ ਵਿਅਕਤੀ ਨੇ ਉਨ੍ਹਾਂ ਦੇ ਚਿਹਰੇ 'ਤੇ ਇੰਨੀ ਬੁਰੀ ਤਰ੍ਹਾਂ ਮਾਰਿਆ ਕੀਤੀ ਕਿ ਚਿਹਰੇ 'ਤੇ ਨੀਲ ਪੈ ਗਏ, ਕਿਤੇ-ਕੀਤੇ ਤਾਂ ਉਹ ਨਿਸ਼ਾਨ ਕਾਲ਼ੇ ਪੈ ਗਏ ਸਨ।

ਐਮੀ (ਇਹ ਉਨ੍ਹਾਂ ਦਾ ਅਸਲੀ ਨਾਮ ਨਹੀਂ ਹੈ) ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਰਿਸ਼ਤੇ ਵਿੱਚ ਬਣੇ ਰਹਿਣਾ ਹਿੰਸਾ ਨੂੰ ਸ਼ਾਂਤ ਕਰਨ ਅਤੇ ਜ਼ਿੰਦਾ ਰਹਿਣ ਦਾ ਇੱਕ ਤਰੀਕਾ ਸੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮੈਲਕਮ ਆਜ਼ਾਦ ਸੀ, ਉਨ੍ਹਾਂ ਨੂੰ ਇੰਨਾ ਡਰ ਸੀ ਕਿ ਉਹ ਪੁਲਿਸ ਕੋਲ ਸ਼ਿਕਾਇਤ ਵੀ ਨਹੀਂ ਕਰਨਾ ਚਾਹੁੰਦੇ ਸਨ।

ਇਸ ਦੌਰਾਨ, ਉਨ੍ਹਾਂ ਦੇ ਕਰੀਬੀ ਲੋਕ ਹੋਰ ਵੀ ਜ਼ਿਆਦਾ ਪਰੇਸ਼ਾਨ ਹੋਣ ਲੱਗੇ। ਕਈ ਵਾਰ ਉਨ੍ਹਾਂ ਨੇ ਐਮੀ ਦੀ ਸੁਰੱਖਿਆ ਬਾਰੇ ਆਪਣੀਆਂ ਚਿੰਤਾਵਾਂ ਸਕਾਟਲੈਂਡ ਪੁਲਿਸ ਦੀ ਘਰੇਲੂ ਹਿੰਸਾ ਨਾਲ ਜੁੜੀ ਡਿਸਕਲੋਜ਼ਰ ਸਕੀਮ (ਜਿਸ ਨੂੰ ਇੰਗਲੈਂਡ ਅਤੇ ਵੇਲਜ਼ ਵਿੱਚ 'ਕਲੇਅਰਜ਼ ਲਾਅ' ਦੇ ਨਾਮ ਨਾਲ ਜਾਣਿਆ ਜਾਂਦਾ ਹੈ) ਨੂੰ ਦੱਸੀਆਂ ਅਤੇ ਪੁਲਿਸ ਨੂੰ ਟੈਕਸਟ ਮੈਸੇਜ ਅਤੇ ਉਨ੍ਹਾਂ ਦੀਆਂ ਸੱਟਾਂ ਦੀਆਂ ਤਸਵੀਰਾਂ ਸਮੇਤ ਸਬੂਤ ਵੀ ਸੌਂਪੇ।

ਆਖ਼ਿਰਕਾਰ ਇਸ ਨਾਲ ਅਧਿਕਾਰੀਆਂ ਨੂੰ ਮੈਲਕਮ ਨੂੰ ਗ੍ਰਿਫ਼ਤਾਰ ਕਰਨ ਲਈ ਇੱਕ ਮਜ਼ਬੂਤ ਕੇਸ ਤਿਆਰ ਕਰਨ ਵਿੱਚ ਮਦਦ ਮਿਲੀ ਅਤੇ ਉਸ ਨੂੰ ਸਤੰਬਰ 2024 ਵਿੱਚ ਹਿਰਾਸਤ ਵਿੱਚ ਲੈ ਲਿਆ ਗਿਆ।

ਇਸ ਤੋਂ ਕੁਝ ਹੀ ਸਮੇਂ ਬਾਅਦ ਐਮੀ ਨੇ ਉਨ੍ਹਾਂ ਨਾਲ ਹੋਏ ਵਾਰ-ਵਾਰ ਹੋਏ ਬਲਾਤਕਾਰ, ਕੁੱਟਮਾਰ ਅਤੇ ਸ਼ੋਸ਼ਣ ਦੀ ਪੂਰੀ ਰਿਪੋਰਟ ਦਰਜ ਕਰਵਾਈ, ਜਿਨ੍ਹਾਂ ਦਾ ਉਹ ਸ਼ਿਕਾਰ ਹੋਏ ਸਨ।

ਜਿਸ ਵੇਲੇ ਮੈਲਕਮ ਨੂੰ ਗ੍ਰਿਫ਼ਤਾਰ ਕੀਤਾ ਗਿਆ, ਉਸ ਤੋਂ ਚਾਰ ਹਫ਼ਤਿਆਂ ਬਾਅਦ ਐਮੀ ਅਤੇ ਮੈਲਕਮ ਦਾ ਵਿਆਹ ਹੋਣਾ ਸੀ।

ਸ਼ੁਰੂ ਵਿੱਚ ਉਹ ਬਹੁਤ ਚੰਗਾ ਲੱਗਾ ਪਰ ਫਿਰ ਸਭ ਬਦਲ ਗਿਆ

ਜਿਸ ਵੇਲੇ ਮੈਲਕਮ ਨੂੰ ਗ੍ਰਿਫ਼ਤਾਰ ਕੀਤਾ ਗਿਆ, ਉਸ ਤੋਂ ਚਾਰ ਹਫ਼ਤਿਆਂ ਬਾਅਦ ਐਮੀ ਅਤੇ ਮੈਲਕਮ ਦਾ ਵਿਆਹ ਹੋਣਾ ਸੀ
ਤਸਵੀਰ ਕੈਪਸ਼ਨ, ਜਿਸ ਵੇਲੇ ਮੈਲਕਮ ਨੂੰ ਗ੍ਰਿਫ਼ਤਾਰ ਕੀਤਾ ਗਿਆ, ਉਸ ਤੋਂ ਚਾਰ ਹਫ਼ਤਿਆਂ ਬਾਅਦ ਐਮੀ ਅਤੇ ਮੈਲਕਮ ਦਾ ਵਿਆਹ ਹੋਣਾ ਸੀ

ਐਮੀ ਦੀ ਮੈਲਕਮ ਨਾਲ ਮੁਲਾਕਾਤ ਅਗਸਤ 2023 ਦੇ ਅਖੀਰ ਵਿੱਚ ਡੇਟਿੰਗ ਐਪ ਟਿੰਡਰ 'ਤੇ ਹੋਈ ਸੀ।

ਉਹ ਕੌਫੀ ਪੀਣ ਗਏ (ਉਹ ਸ਼ਰਾਬ ਨਹੀਂ ਪੀਂਦਾ ਸੀ) ਅਤੇ ਉਨ੍ਹਾਂ ਨੂੰ ਯਾਦ ਹੈ ਕਿ ਉਹ "ਬਹੁਤ ਚੰਗਾ ਅਤੇ ਮਜ਼ਾਕੀਆ" ਸੁਭਾਅ ਦਾ ਇਨਸਾਨ ਸੀ — ਪਰ ਇਹ ਰਿਸ਼ਤਾ ਉਨ੍ਹਾਂ ਦੀ ਉਮੀਦ ਨਾਲੋਂ ਕਿਤੇ ਜ਼ਿਆਦਾ ਤੇਜ਼ੀ ਨਾਲ ਅੱਗੇ ਵਧਿਆ।

ਪਹਿਲੇ ਹਫ਼ਤੇ ਦੇ ਅੰਦਰ ਹੀ ਉਹ ਉਸ ਦੇ ਮਾਪਿਆਂ ਨੂੰ ਮਿਲ ਚੁੱਕੀ ਸੀ, ਕੁਝ ਮਹੀਨਿਆਂ ਵਿੱਚ ਉਹ ਇਕੱਠੇ ਰਹਿਣ ਲੱਗੇ ਅਤੇ ਕ੍ਰਿਸਮਸ ਤੱਕ ਉਨ੍ਹਾਂ ਦੀ ਮੰਗਣੀ ਹੋ ਗਈ।

ਉਨ੍ਹਾਂ ਨੇ ਕਿਹਾ, "ਜਦੋਂ ਅਸੀਂ ਖੁਸ਼ ਹੁੰਦੇ ਸੀ, ਤਾਂ ਉਹ ਮੇਰਾ ਸਭ ਤੋਂ ਚੰਗਾ ਦੋਸਤ ਹੁੰਦਾ ਸੀ। ਉਹ ਤਾਂ ਮੇਰੇ ਮੂੰਹ ਦੀ ਗੱਲ ਬੋਲ ਦਿੰਦਾ ਸੀ। ਉਸ ਨੂੰ ਪਤਾ ਹੁੰਦਾ ਸੀ ਕਿ ਮੈਂ ਕੀ ਸੋਚ ਰਹੀ ਹਾਂ - ਇਹ ਚੰਗਾ ਵੀ ਸੀ, ਪਰ ਨਾਲ ਹੀ ਡਰਾਉਣਾ ਵੀ।"

ਮੈਲਕਮ ਨੇ ਜਲਦ ਹੀ ਐਮੀ ਦੀ ਜ਼ਿੰਦਗੀ 'ਤੇ ਆਪਣਾ ਕਾਬੂ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਉਸ ਨੇ ਜ਼ੋਰ ਦਿੱਤਾ ਕਿ ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟ ਡਿਲੀਟ ਕਰ ਦੇਣ ਤਾਂ ਜੋ ਉਨ੍ਹਾਂ ਦਾ ਰਿਸ਼ਤਾ "ਸਿਰਫ਼ ਸਾਡੇ ਵਿਚਕਾਰ" ਰਹੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਘਰ ਵਿੱਚ ਆਪਣੇ ਪਰਿਵਾਰ ਨਾਲ ਫ਼ੋਨ 'ਤੇ ਗੱਲ ਕਰਨ ਦੀ ਇਜਾਜ਼ਤ ਨਹੀਂ ਸੀ ਕਿਉਂਕਿ ਉਸ ਨੂੰ "ਉਨ੍ਹਾਂ ਦੇ ਬੋਲਣ ਦਾ ਲਹਿਜ਼ਾ ਪਸੰਦ ਨਹੀਂ ਸੀ" - ਉਹ ਉਸ ਦਾ ਫ਼ੋਨ ਲੁਕਾ ਦਿੰਦਾ ਜਾਂ ਉਸ ਤੋਂ ਖੋਹ ਲੈਂਦਾ ਸੀ।

ਕਈ ਵਾਰ ਉਹ ਐਮੀ ਦੇ ਕੰਮ ਵਾਲੀ ਥਾਂ 'ਤੇ ਆ ਜਾਂਦਾ ਸੀ ਅਤੇ ਹੰਗਾਮਾ ਕਰਨ ਦੀ ਧਮਕੀ ਦੇ ਕੇ ਉਸ ਨੂੰ ਜਲਦੀ ਉੱਥੋਂ ਨਿੱਕਲਣ ਲਈ ਮਜਬੂਰ ਕਰਦਾ ਸੀ। ਉਨ੍ਹਾਂ ਕਿਹਾ ਕਿ ਮੈਨੂੰ ਪਤਾ ਹੁੰਦਾ ਸੀ ਕਿ ਜੇਕਰ ਮੈਂ ਉਸ ਦੀ ਗੱਲ ਨਹੀਂ ਮੰਨੀ, ਤਾਂ ਘਰ ਵਾਪਸ ਆਉਣ 'ਤੇ ਮੈਨੂੰ "ਬਹੁਤ ਬੁਰੀ ਰਾਤ" ਗੁਜ਼ਾਰਨੀ ਪਵੇਗੀ।

ਐਮੀ ਨੇ ਕਿਹਾ, "ਇਸ ਨਾਲ ਮੈਨੂੰ ਬਹੁਤ ਦੁੱਖ ਹੋਇਆ। ਮੈਂ ਇਸ ਇੰਡਸਟਰੀ ਵਿੱਚ ਆਉਣ ਲਈ ਬਹੁਤ ਮਿਹਨਤ ਕੀਤੀ ਸੀ ਅਤੇ ਮੈਨੂੰ ਆਪਣੀ ਨੌਕਰੀ ਬਹੁਤ ਪਸੰਦ ਸੀ। ਮੈਨੂੰ ਲੱਗਾ ਕਿ ਕੰਮ ਦਾ ਉਹ ਹਿੱਸਾ ਗੁਆ ਕੇ ਮੈਂ ਆਪਣੇ ਆਪ ਦਾ ਹੀ ਇੱਕ ਹਿੱਸਾ ਗੁਆ ਰਹੀ ਹਾਂ।''

"ਮੈਨੂੰ ਲੱਗਣ ਲੱਗਾ ਕਿ ਮੇਰੇ ਕਰਮਚਾਰੀ ਹੁਣ ਮੇਰੀ ਇੱਜ਼ਤ ਨਹੀਂ ਕਰਦੇ, ਕਿਉਂਕਿ ਮੈਂ ਕਿਸੇ ਹੋਰ ਨੂੰ ਇਹ ਤੈਅ ਕਰਨ ਦੇ ਰਹੀ ਸੀ ਕਿ ਮੈਂ ਕੰਮ ਤੋਂ ਕਦੋਂ ਜਾਵਾਂਗੀ। ਮੈਨੂੰ ਨਹੀਂ ਪਤਾ ਸੀ ਕਿ ਉਨ੍ਹਾਂ ਨੂੰ ਪਤਾ ਸੀ ਕਿ ਕੀ ਹੋ ਰਿਹਾ ਹੈ।"

'ਤਿੰਨ ਦਿਨਾਂ ਤੱਕ ਹਮਲਾਵਰ'

ਮੈਲਕਮ
ਤਸਵੀਰ ਕੈਪਸ਼ਨ, 56 ਗਵਾਹਾਂ ਨਾਲ ਚੱਲੇ ਮੁਕੱਦਮੇ ਤੋਂ ਬਾਅਦ, 37 ਸਾਲਾ ਮੈਲਕਮ ਨੂੰ ਲੋਥੀਅਨ ਅਤੇ ਮੋਰੇ ਵਿੱਚ ਚਾਰ ਮਹਿਲਾਵਾਂ (ਜਿਨ੍ਹਾਂ ਵਿੱਚ ਐਮੀ ਵੀ ਸ਼ਾਮਿਲ ਹਨ) ਦੇ ਖ਼ਿਲਾਫ਼ ਜੁਰਮਾਂ ਦਾ ਦੋਸ਼ੀ ਠਹਿਰਾਇਆ ਗਿਆ

ਰਿਸ਼ਤੇ ਵਿੱਚ ਹਿੰਸਾ ਵੀ ਸ਼ਾਮਿਲ ਹੋ ਗਈ - ਸ਼ੁਰੂ ਵਿੱਚ ਕਦੇ-ਕਦਾਈਂ, ਪਰ ਐਮੀ ਨੇ ਦੱਸਿਆ ਕਿ ਇਹ ਵਧਦੀ ਰਹੀ ਤੇ ਹਰ ਦੂਜੇ ਵੀਕਐਂਡ ਹੋਣ ਲੱਗੀ।

ਉਨ੍ਹਾਂ ਨੇ ਇੱਕ ਘਟਨਾ ਬਾਰੇ ਦੱਸਿਆ ਜਦੋਂ ਮੈਲਕਮ ਤਿੰਨ ਦਿਨਾਂ ਤੱਕ "ਹਮਲਾਵਰ" ਵਿੱਚ ਸੀ। ਉਸ ਨੇ ਸਟੈਨਲੀ ਚਾਕੂ ਨਾਲ ਉਨ੍ਹਾਂ ਦਾ ਸੋਫ਼ਾ ਪਾੜ ਦਿੱਤਾ ਸੀ ਅਤੇ ਖੁਦਕੁਸ਼ੀ ਕਰਨ ਦੀ ਧਮਕੀ ਦਿੱਤੀ ਸੀ।

ਐਮੀ ਨੇ ਅਜਿਹੇ ਮੌਕਿਆਂ ਬਾਰੇ ਵੀ ਦੱਸਿਆ ਜਦੋਂ ਮੈਲਕਮ ਉਸ ਦੀ ਛਾਤੀ 'ਤੇ ਚੜ੍ਹ ਕੇ ਉਸ ਦਾ ਗਲਾ ਘੁੱਟਦਾ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਹਮਲਿਆਂ ਦੌਰਾਨ ਉਹ ਉਨ੍ਹਾਂ ਨੂੰ ਤਾਅਨੇ ਮਾਰਦਾ ਅਤੇ ਹੋਰ ਹਿੰਸਾ ਕਰਨ ਦੀ ਧਮਕੀ ਦਿੰਦਾ ਸੀ।

ਉਸ ਨੇ ਐਮੀ ਨੂੰ ਕੁਝ ਨਾ ਠੀਕ ਹੋਣ ਵਾਲੀਆਂ ਸੱਟਾਂ ਮਾਰੀਆਂ ਅਤੇ ਸਰੀਰਕ ਨੁਕਸਾਨ ਵੀ ਪਹੁੰਚਾਇਆ। ਇੱਕ ਹਮਲੇ ਦੌਰਾਨ ਮੈਲਕਮ ਨੇ ਉਨ੍ਹਾਂ ਦਾ ਗੁੱਟ ਤੋੜ ਦਿੱਤਾ ਅਤੇ ਉਨ੍ਹਾਂ ਨੂੰ ਹਸਪਤਾਲ ਜਾਣ ਤੋਂ ਵੀ ਰੋਕ ਦਿੱਤਾ, ਜਿਸ ਕਾਰਨ ਹੁਣ ਉਹ ਇੱਕ ਹੱਥ ਨਾਲ ਕਿਤਾਬ ਨਹੀਂ ਫੜ ਸਕਦੇ।

ਐਮੀ ਨੇ ਦੱਸਿਆ ਕਿ ਇਹ ਇੱਕ ਬਹਿਸ ਦੌਰਾਨ ਹੋਇਆ, ਜਦੋਂ ਉਸ ਨੇ ਚੀਕ ਕੇ ਕਿਹਾ - "ਮਹਿਲਾਵਾਂ ਹਮੇਸ਼ਾ ਮੇਰੀ ਜ਼ਿੰਦਗੀ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੀਆਂ ਹਨ।"

ਉਸ ਨੇ ਇੱਕ ਤੋਂ ਵੱਧ ਵਾਰ ਉਨ੍ਹਾਂ ਨਾਲ ਬਲਾਤਕਾਰ ਕੀਤਾ - ਜਿਸ ਵਿੱਚ ਉਹ ਘਟਨਾ ਵੀ ਸ਼ਾਮਿਲ ਹੈ ਜਦੋਂ ਘਰ ਵਿੱਚ ਇੱਕ ਬੱਚਾ ਮੌਜੂਦ ਸੀ। ਐਮੀ ਨੂੰ ਬੱਚੇ ਦੇ ਸਾਹਮਣੇ ਫਰਸ਼ 'ਤੇ ਬੈਠਣ ਅਤੇ ਉਸ ਨੂੰ ਡਰਾਉਣ ਲਈ ਮੁਆਫੀ ਮੰਗਣ ਲਈ ਮਜਬੂਰ ਕੀਤਾ ਗਿਆ ਸੀ।

ਐਮੀ ਕਹਿੰਦੇ ਹਨ, ਕੁਝ ਮੌਕਿਆਂ 'ਤੇ ਇੰਝ ਲੱਗਦਾ ਸੀ ਜਿਵੇਂ ਉਸ ਦੀ ਸ਼ਖ਼ਸੀਅਤ ਵਿੱਚ ਜਿਵੇਂ ਕੋਈ "ਸਵਿੱਚ" ਹੈ, ਜਿਸ ਦੇ ਬਦਲਣ ਨਾਲ ਉਸਦਾ ਮੂਡ ਬਦਲ ਜਾਂਦਾ ਸੀ। ਕਈ ਮੌਕਿਆਂ 'ਤੇ ਉਹ ਐਮੀ ਨੂੰ ਪਹਿਲਾਂ ਹੀ ਦੱਸ ਦਿੰਦਾ ਸੀ ਕਿ ਕੀ ਹੋਣ ਵਾਲਾ ਹੈ।

ਐਮੀ ਕਹਿੰਦੇ ਹਨ, "ਜਿਨ੍ਹਾਂ ਦਿਨਾਂ 'ਚ ਉਹ ਬੁਰਾ ਵਿਵਹਾਰ ਕਰਦਾ ਸੀ, ਉਨ੍ਹਾਂ ਦਿਨਾਂ 'ਚ ਉਹ ਸਵੇਰੇ 6 ਵਜੇ ਸਭ ਤੋਂ ਪਹਿਲਾਂ ਹੈਵੀ ਮੈਟਲ ਸੰਗੀਤ ਵਜਾਉਂਦਾ ਸੀ। ਮੈਂ ਉਸ ਨੂੰ ਦੱਸਿਆ ਕਿ ਇਸ ਨਾਲ ਮੈਨੂੰ ਕਿੰਨੀ ਪਰੇਸ਼ਾਨੀ ਹੁੰਦੀ ਹੈ — ਉਸ ਨੂੰ ਪਤਾ ਸੀ ਕਿ ਇਹ ਤਸ਼ੱਦਦ ਕਰਨ ਦਾ ਇੱਕ ਤਰੀਕਾ ਸੀ, 'ਅੱਜ ਜੋ ਹੋਣ ਵਾਲਾ ਹੈ, ਉਸ ਲਈ ਤਿਆਰ ਰਹੋ'।"

ਹਮਲਿਆਂ ਤੋਂ ਬਾਅਦ ਐਮੀ ਨੇ ਮੈਲਕਮ ਨੂੰ ਇਹ ਕਹਿੰਦੇ ਹੋਏ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਇਸ ਤਰ੍ਹਾਂ ਦੇ ਵਿਵਹਾਰ ਦੀ ਹੱਕਦਾਰ ਨਹੀਂ ਹੈ। ਉਹ ਗੱਲਬਾਤ ਨੂੰ ਮੁੜ ਆਪਣੀਆਂ ਮੁਸ਼ਕਿਲਾਂ ਵੱਲ ਲੈ ਜਾਂਦਾ ਸੀ, ਜਿਸ ਨਾਲ ਐਮੀ ਨੂੰ ਲੱਗਦਾ ਸੀ ਕਿ ਉਹ ਖੁਦ ਹੀ "ਕੁਝ ਵੀ ਸਹੀ ਨਹੀਂ ਕਰ ਸਕਦੀ।"

ਐਮੀ ਨੇ ਕਿਹਾ, "ਤੁਸੀਂ ਬਸ ਜਿਵੇਂ ਸੁੰਨ ਜਿਹੇ ਹੋ ਜਾਂਦੇ ਹੋ, ਕਿਉਂਕਿ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਤੁਸੀਂ ਕੁਝ ਨਹੀਂ ਕਰ ਸਕਦ।''

"ਤੁਸੀਂ ਬਸ ਥੋੜ੍ਹਾ ਫਸਿਆ ਹੋਇਆ ਮਹਿਸੂਸ ਕਰਦੇ ਹੋ, ਕਿਉਂਕਿ ਤੁਹਾਨੂੰ ਪਤਾ ਹੁੰਦਾ ਹੈ ਕਿ ਜੇਕਰ ਤੁਸੀਂ ਕਿਸੇ ਹੋਰ ਨੂੰ ਦੱਸੋਗੇ, ਤਾਂ ਉਹ ਤੁਹਾਨੂੰ ਬਸ ਛੱਡ ਦੇਣ ਲਈ ਕਹਿਣਗੇ। ਪਰ ਤੁਸੀਂ ਅਜਿਹੀ ਸਥਿਤੀ ਵਿੱਚ ਨਹੀਂ ਹੁੰਦੇ ਕਿ ਤੁਹਾਨੂੰ ਲੱਗੇ ਕਿ ਤੁਸੀਂ ਛੱਡ ਸਕਦੇ ਹੋ।"

ਪਰਿਵਾਰ ਅਤੇ ਦੋਸਤਾਂ ਨੇ ਬਚਾਈ ਐਮੀ ਦੀ ਜਾਨ

ਇਸ ਸਭ ਦੌਰਾਨ ਇੱਕ ਚੰਗੀ ਗੱਲ ਇਹ ਸੀ ਕਿ ਐਮੀ ਦੇ ਪਰਿਵਾਰ ਅਤੇ ਦੋਸਤਾਂ ਨੇ ਉਨ੍ਹਾਂ ਨੂੰ ਇੱਕਲੇ ਨਹੀਂ ਛੱਡਿਆ ਸੀ। ਉਹ ਇਸ ਸਭ ਬਾਰੇ ਆਪਣੀਆਂ ਚਿੰਤਾਵਾਂ ਐਮੀ ਨਾਲ ਸਾਂਝਾ ਕਰਦੇ ਸਨ, ''ਸਿੱਧੇ ਤੌਰ 'ਤੇ, ਪਰ ਜ਼ਬਰਦਸਤੀ ਨਹੀਂ।"

ਉਹ ਸਾਫ਼ ਤੌਰ 'ਤੇ ਕਹਿੰਦੇ ਸਨ ਕਿ ਉਹ ਐਮੀ ਨਾਲ ਪਿਆਰ ਕਰਦੇ ਹਨ ਅਤੇ ਚਾਹੁੰਦੇ ਹਨ ਕਿ ਉਹ ਸੁਰੱਖਿਅਤ ਰਹੇ। ਉਹ ਇਹ ਵੀ ਸਪਸ਼ਟ ਤੌਰ 'ਤੇ ਕਹਿੰਦੇ ਸਨ ਕਿ ਉਨ੍ਹਾਂ ਨੂੰ ਮੈਲਕਮ ਚੰਗਾ ਇਨਸਾਨ ਨਹੀਂ ਲੱਗਦਾ ਪਰ ਉਨ੍ਹਾਂ ਨੇ ਕਿਹਾ ਕਿ ਉਹ ਜੋ ਵੀ ਫ਼ੈਸਲਾ ਲਵੇਗੀ, ਉਹ ਉਨ੍ਹਾਂ ਦਾ ਆਪਣਾ ਹੋਵੇਗਾ।

ਐਮੀ ਦੀ ਭੈਣ ਨੇ ਉਨ੍ਹਾਂ ਨੂੰ ਇੱਕ ਚਿੱਠੀ ਲਿਖ ਕੇ ਦੱਸਿਆ ਕਿ ਉਹ ਉਨ੍ਹਾਂ ਦੇ ਵਿਆਹ ਵਿੱਚ ਕਿਉਂ ਨਹੀਂ ਆ ਸਕਦੀ। ਉਸ ਨੇ "ਡਰਾਉਣੇ ਸੁਪਨਿਆਂ" ਅਤੇ ਇਸ ਚਿੰਤਾ ਦਾ ਜ਼ਿਕਰ ਕੀਤਾ ਕਿ ਸ਼ਾਇਦ ਉਹ ਐਮੀ ਨੂੰ ਦੁਬਾਰਾ ਕਦੇ ਨਾ ਦੇਖ ਸਕੇ।

ਉਸ ਚਿੱਠੀ ਵਿੱਚ ਲਿਖਿਆ ਸੀ - "ਪਲੀਜ਼, ਇੰਨਾ ਜਾਣ ਲੈ ਕਿ ਜੇ ਆਖਰੀ ਪਲ 'ਚ ਤੈਨੂੰ ਲੱਗੇ ਕਿ ਤੂੰ ਇਹ ਵਿਆਹ ਨਹੀਂ ਕਰਾਉਣਾ ਤਾਂ ਬਸ ਆਪਣੀ ਕਾਰ 'ਚ ਬੈਠੀਂ ਤੇ ਉੱਥੋਂ ਨਿੱਕਲ ਜਾਈਂ, ਜੇ ਲੱਗੇ ਤਾਂ ਮੇਰੇ ਕੋਲ ਆ ਜਾਈਂ।''

"ਮੇਰੇ ਦਰਵਾਜ਼ੇ ਤੇਰੇ ਲਈ ਹਮੇਸ਼ਾ ਖੁੱਲ੍ਹੇ ਰਹਿਣਗੇ।"

ਐਮੀ ਦੀ ਭੈਣ ਦੀ ਇੱਕ ਚਿੱਠੀ
ਤਸਵੀਰ ਕੈਪਸ਼ਨ, ਐਮੀ ਦੀ ਭੈਣ ਨੇ ਉਨ੍ਹਾਂ ਨੂੰ ਇੱਕ ਚਿੱਠੀ ਲਿਖ ਕੇ ਦੱਸਿਆ ਕਿ ਉਹ ਉਨ੍ਹਾਂ ਦੇ ਵਿਆਹ ਵਿੱਚ ਕਿਉਂ ਨਹੀਂ ਆ ਸਕਦੀ। ਉਸ ਨੇ "ਡਰਾਉਣੇ ਸੁਪਨਿਆਂ" ਅਤੇ ਇਸ ਚਿੰਤਾ ਦਾ ਜ਼ਿਕਰ ਕੀਤਾ ਕਿ ਸ਼ਾਇਦ ਉਹ ਐਮੀ ਨੂੰ ਦੁਬਾਰਾ ਕਦੇ ਨਾ ਦੇਖ ਸਕੇ

ਪੁਲਿਸ ਨੇ ਇੰਝ ਕੀਤੀ ਮਦਦ

ਐਮੀ ਨੂੰ ਪਤਾ ਲੱਗੇ ਬਗੈਰ, ਚਾਰ ਲੋਕਾਂ ਨੇ ਵੱਖ-ਵੱਖ ਤੌਰ 'ਤੇ ਪੁਲਿਸ ਨੂੰ ਆਪਣੀਆਂ ਚਿੰਤਾਵਾਂ ਦੱਸੀਆਂ। ਪਹਿਲੀ ਰਿਪੋਰਟ ਤੋਂ ਬਾਅਦ ਮੈਲਕਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ, ਪਰ ਸਬੂਤ ਮਿਲਦੇ ਰਹੇ ਅਤੇ ਅਧਿਕਾਰੀਆਂ ਨੇ ਐਮੀ ਨੂੰ ਆਪਣਾ ਬਿਆਨ ਦਰਜ ਕਰਵਾਉਣ ਲਈ ਕਿਹਾ।

ਐਮੀ ਨੇ ਕਿਹਾ, "ਉਨ੍ਹਾਂ ਨੇ ਮੇਰੇ ਨਾਲ ਬਹੁਤ ਸਾਫ਼-ਸਾਫ਼ ਗੱਲ ਕੀਤੀ। ਉਨ੍ਹਾਂ ਕਿਹਾ, 'ਜੇ ਤੁਸੀਂ ਬਿਆਨ ਨਹੀਂ ਦਿਓਗੇ, ਤਾਂ ਤੁਸੀਂ ਸੜਕ ਕਿਨਾਰੇ ਕਿਸੇ ਖੱਡ ਵਿੱਚੋਂ ਲੱਭੋਗੇ'।"

ਐਮੀ ਦੱਸਦੇ ਹਨ, "ਮੈਨੂੰ ਯਾਦ ਹੈ ਕਿ ਇਸ ਗੱਲ ਦਾ ਮੇਰੇ 'ਤੇ ਬਹੁਤ ਡੂੰਘਾ ਅਸਰ ਪਿਆ, ਕਿਉਂਕਿ ਇਸ ਤੋਂ ਪਹਿਲਾਂ ਕਿਸੇ ਨੇ ਵੀ ਮੇਰੇ ਨਾਲ ਕਦੇ ਇੰਨੀ ਬੇਬਾਕੀ ਨਾਲ ਗੱਲ ਨਹੀਂ ਕੀਤੀ ਸੀ। ਮੈਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਜੇਕਰ ਮੈਂ ਇਸੇ ਤਰ੍ਹਾਂ ਅੱਗੇ ਵਧਦੀ ਰਹੀ, ਤਾਂ ਕਿਸੇ ਨਾ ਕਿਸੇ ਸਮੇਂ ਅਜਿਹਾ ਹੋ ਸਕਦਾ ਸੀ।"

ਹੁਣ 30 ਸਾਲ ਦੇ ਹੋ ਚੁੱਕੇ ਐਮੀ ਨੇ ਆਪਣੀ ਕਹਾਣੀ ਦੱਸਣ ਲਈ ਬੀਬੀਸੀ ਨਾਲ ਸੰਪਰਕ ਕੀਤਾ, ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਪਰਿਵਾਰ, ਦੋਸਤਾਂ ਅਤੇ ਉਸ ਦੇ ਮਾਮਲੇ ਨਾਲ ਜੁੜੇ ਪੁਲਿਸ ਅਧਿਕਾਰੀਆਂ ਨੇ ਹੀ ਆਖ਼ਿਰਕਾਰ ਉਸ ਦੀ ਜਾਨ ਬਚਾਈ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮਾਮਲੇ ਵਿੱਚ ਸਿਸਟਮ ਨੇ ਸਹੀ ਢੰਗ ਨਾਲ ਕੰਮ ਕੀਤਾ।

ਸਕਾਟਲੈਂਡ ਪੁਲਿਸ ਨੇ ਕਿਹਾ ਕਿ ਜਿਨ੍ਹਾਂ ਮਾਮਲਿਆਂ ਵਿੱਚ ਸ਼ੋਸ਼ਣ ਦਾ ਸ਼ਿਕਾਰ ਮਹਿਲਾਵਾਂ ਰਿਪੋਰਟ ਕਰਨ ਤੋਂ ਹਿਚਕਿਚਾਉਂਦੀਆਂ ਹਨ, ਉੱਥੇ ਅਧਿਕਾਰੀ ਅਜਿਹੇ ਕਈ ਤਰ੍ਹਾਂ ਦੇ ਸਬੂਤ ਲੱਭਦੇ ਹਨ, ਜੋ ਪੀੜਤ 'ਤੇ ਨਿਰਭਰ ਨਹੀਂ ਹੁੰਦੇ।

ਇਨ੍ਹਾਂ ਵਿੱਚ ਬਾਡੀ-ਵੋਰਨ ਵੀਡੀਓ, ਫ਼ੋਨ ਦੀ ਜਾਂਚ, ਸੱਟਾਂ ਦੀਆਂ ਤਸਵੀਰਾਂ, ਮੈਡੀਕਲ ਸਬੂਤ ਅਤੇ ਪਿਛਲੀਆਂ ਘਟਨਾਵਾਂ ਦੇ ਵੇਰਵੇ ਜਾਂ ਪਿਛਲੇ ਪਾਰਟਨਰ ਤੋਂ ਮਿਲੇ ਸਬੂਤ ਸ਼ਾਮਿਲ ਹਨ। ਜੇਕਰ ਦੋਸ਼ੀ ਠਹਿਰਾਏ ਜਾਣ ਦੀ ਵਾਜਬ ਸੰਭਾਵਨਾ ਹੋਵੇ, ਤਾਂ ਅਜਿਹੇ ਸਬੂਤਾਂ ਦੇ ਆਧਾਰ 'ਤੇ ਮਾਮਲੇ ਨੂੰ ਅੱਗੇ ਵਧਾਇਆ ਜਾ ਸਕਦਾ ਹੈ।

ਪੁਲਿਸ ਫ਼ੋਰਸ ਦੇ ਇੱਕ ਬੁਲਾਰੇ ਨੇ ਕਿਹਾ ਕਿ ਐਮੀ ਦੇ ਪਰਿਵਾਰ ਅਤੇ ਦੋਸਤਾਂ ਤੋਂ ਮਿਲੀ ਜਾਣਕਾਰੀ ਮੈਲਕਮ ਦੇ ਜੁਰਮਾਂ ਦੀ ਤਸਵੀਰ ਸਪਸ਼ਟ ਕਰਨ ਵਿੱਚ "ਬਹੁਤ ਅਹਿਮ" ਸੀ।

56 ਗਵਾਹਾਂ ਨਾਲ ਚੱਲੇ ਮੁਕੱਦਮੇ ਤੋਂ ਬਾਅਦ, 37 ਸਾਲਾ ਮੈਲਕਮ ਨੂੰ ਲੋਥੀਅਨ ਅਤੇ ਮੋਰੇ ਵਿੱਚ ਚਾਰ ਮਹਿਲਾਵਾਂ (ਜਿਨ੍ਹਾਂ ਵਿੱਚ ਐਮੀ ਵੀ ਸ਼ਾਮਿਲ ਹਨ) ਦੇ ਖ਼ਿਲਾਫ਼ ਜੁਰਮਾਂ ਦਾ ਦੋਸ਼ੀ ਠਹਿਰਾਇਆ ਗਿਆ। ਇਹ ਜੁਰਮ 2008 ਤੋਂ ਸ਼ੁਰੂ ਹੋਏ ਸਨ, ਜਦੋਂ ਉਹ ਅਜੇ ਟੀਨੇਜਰ ਹੀ ਸੀ।

ਐਮੀ ਦਾ ਮੰਨਣਾ ਹੈ ਕਿ ਮਹਿਲਾਵਾਂ ਪ੍ਰਤੀ ਮੈਲਕਮ ਦੀ ਘਿਰਣਾ ਇਹ ਦਿਖਾਉਂਦੀ ਹੈ ਕਿ ਉਸ ਨੂੰ ਕਦੇ ਸੁਧਾਰਿਆ ਨਹੀਂ ਜਾ ਸਕੇਗਾ। ਉਨ੍ਹਾਂ ਨੂੰ ਲੱਗਦਾ ਹੈ ਕਿ ਉਸ ਦੀ ਅਪੀਲ ਖ਼ਾਰਜ ਕਰ ਦਿੱਤੀ ਜਾਣੀ ਚਾਹੀਦੀ ਹੈ।

'ਮੈਂ ਦੋਸਤਾਂ ਅਤੇ ਪਰਿਵਾਰ ਦੀ ਸ਼ੁਕਰਗੁਜ਼ਾਰ ਹਾਂ'

ਐਮੀ ਦੀ ਮੈਲਕਮ ਨਾਲ ਮੁਲਾਕਾਤ ਅਗਸਤ 2023 ਦੇ ਅਖੀਰ ਵਿੱਚ ਡੇਟਿੰਗ ਐਪ ਟਿੰਡਰ 'ਤੇ ਹੋਈ ਸੀ
ਤਸਵੀਰ ਕੈਪਸ਼ਨ, ਐਮੀ ਦੀ ਮੈਲਕਮ ਨਾਲ ਮੁਲਾਕਾਤ ਅਗਸਤ 2023 ਦੇ ਅਖੀਰ ਵਿੱਚ ਡੇਟਿੰਗ ਐਪ ਟਿੰਡਰ 'ਤੇ ਹੋਈ ਸੀ

ਸਟੇਸੀ ਹੰਟਰ ਅਤੇ ਵਿੱਕੀ ਸੋਲੋਮਨ ਵਰਗੀਆਂ ਮਹਿਲਾਵਾਂ ਦੀ ਉਨ੍ਹਾਂ ਦੇ ਪਾਰਟਨਰ ਵੱਲੋਂ ਹਾਲ ਹੀ ਵਿੱਚ ਕੀਤੀ ਗਈ ਹੱਤਿਆ ਦੀਆਂ ਖ਼ਬਰਾਂ ਪੜ੍ਹ ਕੇ ਐਮੀ ਨੂੰ ਭਵਿੱਖ 'ਚ ਆਪਣੀ ਸੁਰੱਖਿਆ ਦੀ ਚਿੰਤਾ ਹੁੰਦੀ ਹੈ, ਖ਼ਾਸ ਕਰਕੇ ਉਸ ਸਮੇਂ ਜਦੋਂ ਹਾਲੀਆ ਸਰਕਾਰੀ ਪ੍ਰਸਤਾਵਾਂ ਤਹਿਤ ਮੈਲਕਮ ਨੂੰ ਸਮੇਂ ਤੋਂ ਪਹਿਲਾਂ ਹੀ ਰਿਹਾਅ ਕੀਤਾ ਜਾ ਸਕਦਾ ਹੈ।

ਇਸ ਹਫ਼ਤੇ ਸਕਾਟਲੈਂਡ ਦੇ ਸਭ ਤੋਂ ਸੀਨੀਅਰ ਜੱਜਾਂ ਨੇ ਇਨ੍ਹਾਂ ਪ੍ਰਸਤਾਵਾਂ ਦੀ ਆਲੋਚਨਾ ਕੀਤੀ ਅਤੇ ਚੇਤਾਵਨੀ ਦਿੱਤੀ ਕਿ ਹਿੰਸਕ ਅਪਰਾਧੀਆਂ ਅਤੇ ਬਲਾਤਕਾਰੀਆਂ ਨੂੰ ਸਮਾਜ ਵਿੱਚ ਛੱਡਣ ਨਾਲ ਲੋਕਾਂ ਦੀ ਸੁਰੱਖਿਆ ਖ਼ਤਰੇ ਵਿੱਚ ਪੈ ਜਾਵੇਗੀ।

ਮਹਿਲਾਵਾਂ ਨੂੰ ਹਿੰਸਾ ਤੋਂ ਬਚਾਉਣਾ ਫਰਸਟ ਮਿਨਿਸਟਰ ਜੌਨ ਸਵੀਨੀ ਦੇ ਏਜੰਡੇ ਵਿੱਚ ਸਭ ਤੋਂ ਉੱਪਰ ਹੈ। ਉਨ੍ਹਾਂ ਨੇ ਮਹਿਲਾਵਾਂ ਪ੍ਰਤੀ ਨਫ਼ਰਤ ਨੂੰ ਅਪਰਾਧ ਬਣਾਉਣ ਅਤੇ ਸੰਸਦ ਦੇ ਕਾਰਜਕਾਲ ਦੌਰਾਨ ਖ਼ਾਸ ਸਹਾਇਤਾ ਸੇਵਾਵਾਂ ਲਈ ਫੰਡ ਦੇਣ ਦਾ ਵਾਅਦਾ ਕੀਤਾ ਹੈ। ਹਾਲਾਂਕਿ 'ਰੇਪ ਕ੍ਰਾਈਸਿਸ ਸਕਾਟਲੈਂਡ' ਵਰਗੇ ਆਲੋਚਕਾਂ ਦਾ ਕਹਿਣਾ ਹੈ ਕਿ ਇਸ ਲਈ "ਸਪਸ਼ਟ ਵਚਨਬੱਧਤਾ ਅਤੇ ਸਮਾਂ-ਸੀਮਾ" ਤੈਅ ਕਰਨ ਦੀ ਲੋੜ ਹੈ।

ਫਿਲਹਾਲ, ਐਮੀ ਆਪਣੀ ਜ਼ਿੰਦਗੀ ਦਾ ਆਨੰਦ ਮਾਣਨਾ ਚਾਹੁੰਦੇ ਹਨ। ਉਨ੍ਹਾਂ ਨੂੰ ਕਈ ਸੰਸਥਾਵਾਂ ਤੋਂ ਮਦਦ ਮਿਲੀ ਹੈ, ਉਨ੍ਹਾਂ ਨੇ ਕਾਊਂਸਲਿੰਗ ਕਰਵਾਈ ਹੈ, ਨਵੀਂ ਕਾਰ ਅਤੇ ਘਰ ਲਿਆ ਹੈ ਅਤੇ ਹੁਣ ਉਹ ਪਰਿਵਾਰ ਸ਼ੁਰੂ ਕਰਨ ਲਈ ਤਿਆਰ ਹਨ।

ਕੰਮ ਬਾਰੇ ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਆਪਣੇ ਨਾਲ ਹੋਏ ਵਿਵਹਾਰ ਨੂੰ ਲੈ ਕੇ ਮਨ ਵਿੱਚ ਬੈਠੀ ਕੁੜੱਤਣ ਨੂੰ ਭੁਲਾ ਦਿੱਤਾ ਹੈ ਅਤੇ ਉਨ੍ਹਾਂ ਲੋਕਾਂ ਦੇ ਬਹੁਤ ਧੰਨਵਾਦੀ ਹਨ, ਜੋ ਉਨ੍ਹਾਂ ਦੇ ਨਾਲ ਖੜ੍ਹੇ ਰਹੇ।

ਉਸ ਅੱਗੇ ਕਿਹਾ, "ਮੈਨੂੰ ਲੱਗਦਾ ਹੈ ਕਿ ਪਰਿਵਾਰ ਅਤੇ ਦੋਸਤਾਂ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਜੇਕਰ ਤੁਸੀਂ ਕਿਸੇ ਅਜਿਹੇ ਵਿਅਕਤੀ ਲਈ ਖੜ੍ਹੇ ਹੁੰਦੇ ਹੋ, ਜਿਸ ਦੀ ਤੁਹਾਨੂੰ ਚਿੰਤਾ ਹੈ, ਤਾਂ ਤੁਸੀਂ ਖੁਦ ਵੀ ਸਸ਼ਕਤ ਹੋਵੋਗੇ।

ਉਨ੍ਹਾਂ ਕਿਹਾ, "ਮੇਰੇ ਦੋਸਤ ਅਤੇ ਪਰਿਵਾਰਕ ਮੈਂਬਰ ਬਹੁਤ ਡਰੇ ਹੋਏ ਸਨ ਕਿ ਮੈਂ ਉਨ੍ਹਾਂ ਨਾਲ ਨਫ਼ਰਤ ਕਰਨ ਲੱਗਾਂਗੀ, ਤੇ ਬਾਅਦ ਵਿੱਚ ਮੈਂ ਉਨ੍ਹਾਂ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਚਾਹਾਂਗੀ। ਪਰ ਮੈਨੂੰ ਤਾਂ ਸਿਰਫ਼ ਰਾਹਤ ਅਤੇ ਸ਼ੁਕਰਗੁਜ਼ਾਰੀ ਮਹਿਸੂਸ ਹੋਈ ਕਿ ਉਹ ਇੰਨੇ ਬਹਾਦਰ ਹਨ।''

"ਮੈਨੂੰ ਨਹੀਂ ਪਤਾ ਸੀ ਕਿ ਇੰਨੇ ਸਾਰੇ ਲੋਕ ਮੇਰੀ ਪਰਵਾਹ ਕਰਦੇ ਹਨ - ਮੈਂ ਬਹੁਤ ਸ਼ੁਕਰਗੁਜ਼ਾਰ ਹਾਂ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)